ਪੰਜਾਬੀ, پنجابی‎: Regular

Updated ? hours ago # views See on DCS
ਫਿਲੇਮੋਨ ਨੂੰ

ਫਿਲੇਮੋਨ ਨੂੰ

Chapter 1

1 ਲਿਖਤੁਮ ਪੌਲੁਸ, ਜਿਹੜਾ ਮਸੀਹ ਯਿਸੂ ਦਾ ਕੈਦੀ ਹਾਂ ਅਤੇ ਭਰਾ ਤਿਮੋਥਿਉਸ । ਅੱਗੇ ਯੋਗ ਫਿਲੇਮੋਨ ਸਾਡੇ ਪਿਆਰੇ ਅਤੇ ਨਾਲ ਕੰਮ ਕਰਨ ਵਾਲੇ ਨੂੰ । 2 ਅਤੇ ਸਾਡੀ ਭੈਣ ਅੱਫਿਆ, ਸਾਡੇ ਨਾਲ ਦੇ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ । 3 ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ । 4 ਤੇਰੀ ਪ੍ਰੀਤ ਅਤੇ ਵਿਸ਼ਵਾਸ ਜੋ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ ਦੇ ਨਾਲ ਹੈ । 5 ਉਹ ਦੀ ਖ਼ਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੇਰੀ ਗੱਲ ਕਰਦਿਆਂ, ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ । 6 ਭਈ ਤੇਰੇ ਵਿਸ਼ਵਾਸ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਦੇ ਦੁਆਰਾ ਜੋ ਮਸੀਹ ਵਿੱਚ ਹੈ, ਪ੍ਰਭਾਵਸ਼ਾਲੀ ਹੋਵੇ । 7 ਕਿਉਂ ਜੋ ਹੇ ਭਰਾ, ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤੱਸਲੀ ਹੋਈ, ਇਸ ਲਈ ਜੋ ਤੇਰੇ ਕਾਰਨ ਸੰਤਾਂ ਦਾ ਦਿਲ ਤਰੋ ਤਾਜ਼ਾ ਹੋਇਆ ਹੈ । 8 ਸੋ ਭਾਵੇਂ ਮਸੀਹ ਵਿੱਚ ਮੈਨੂੰ ਦਲੇਰੀ ਤਾਂ ਬਹੁਤ ਹੈ ਕਿ ਜੋ ਕੁੱਝ ਯੋਗ ਹੈ ਉਸ ਵਿਖੇ ਤੈਨੂੰ ਹੁਕਮ ਦੇਵਾਂ । 9 ਪਰ ਪ੍ਰੇਮ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਮਸੀਹ ਯਿਸੂ ਦਾ ਕੈਦੀ ਵੀ ਹੋ ਕੇ ਬੇਨਤੀ ਕਰਦਾ ਹਾਂ । 10 ਮੈਂ ਆਪਣੇ ਬੱਚੇ ਦੇ ਨਮਿੱਤ ਜਿਹੜਾ ਕੈਦ ਵਿੱਚ ਮੇਰੇ ਲਈ ਉਤਪਤ ਹੋਇਆ ਤੇਰੇ ਅੱਗੇ ਬੇਨਤੀ ਕਰਦਾ ਹਾਂ ਅਰਥਾਤ ਉਨੇਸਿਮੁਸ ਦੇ ਨਮਿੱਤ । 11 ਜਿਹੜਾ ਪਹਿਲਾਂ ਤੇਰੇ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ । 12 ਉਸੇ ਨੂੰ ਜੋ ਮੇਰੇ ਆਪਣੇ ਕਲੇਜੇ ਦਾ ਟੁਕੜਾ ਹੈ, ਮੈਂ ਤੇਰੇ ਕੋਲ ਵਾਪਿਸ ਭੇਜਿਆ ਹੈ । 13 ਮੈਂ ਚਾਹੁੰਦਾ ਸੀ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ, ਤਾਂ ਕਿ ਤੇਰੀ ਜਗ੍ਹਾ ਖੁਸ਼ਖਬਰੀ ਦੇ ਬੰਧਨਾਂ ਵਿੱਚ ਮੇਰੀ ਟਹਿਲ ਕਰੇ । 14 ਪਰ ਤੇਰੀ ਸਲਾਹ ਬਿਨਾਂ ਮੈਂ ਕੁੱਝ ਕਰਨਾ ਨਾ ਚਾਹਿਆ, ਤਾਂ ਜੋ ਤੇਰਾ ਇਹ ਭਲਾ ਕੰਮ ਮਜ਼ਬੂਰੀ ਨਾਲ ਨਹੀਂ, ਸਗੋਂ ਸਹਿਮਤੀ ਨਾਲ ਹੋਵੇ । 15 ਕਿਉਂ ਜੋ ਕੀ ਜਾਣੀਏ ਭਈ ਉਹ ਥੋੜ੍ਹਾ ਚਿਰ ਇਸ ਲਈ ਤੇਰੇ ਤੋਂ ਅਲੱਗ ਹੋਇਆ, ਤਾਂ ਕਿ ਉਹ ਸਦਾ ਤੇਰਾ ਹੀ ਬਣਿਆ ਰਹੇ । 16 ਅੱਗੇ ਨੂੰ ਦਾਸ ਵਾਂਗੂੰ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰਾਂ, ਖ਼ਾਸ ਕਰਕੇ ਮੇਰੇ ਲਈ, ਪਰ ਕਿੰਨਾ ਵਧੀਕ ਸਰੀਰ ਅਤੇ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ ! 17 ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ, ਤਾਂ ਜਿਵੇਂ ਮੈਨੂੰ ਤਿਵੇਂ ਉਹ ਨੂੰ ਕਬੂਲ ਕਰ । 18 ਅਤੇ ਜੇ ਉਹ ਨੇ ਤੇਰਾ ਕੁੱਝ ਨੁਕਸਾਨ ਕੀਤਾ ਹੋਵੇ ਅਥਵਾ ਤੇਰਾ ਕੁੱਝ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਨਾਮ ਲਿਖ ਲਵੀਂ । 19 ਮੈਂ ਪੌਲੁਸ ਹਾਂ ਅਤੇ ਆਪਣੇ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਤੈਨੂੰ ਇਹ ਨਾ ਆਖਾਂ ਭਈ ਮੇਰਾ ਕਰਜ਼ ਜੋ ਤੂੰ ਦੇਣਾ ਹੈ, ਸੋ ਤੂੰ ਆਪ ਹੀ ਹੈ ! 20 ਹਾਂ, ਭਰਾਵਾ, ਤੇਰੇ ਤੋਂ ਪ੍ਰਭੂ ਵਿੱਚ ਮੈਨੂੰ ਅਨੰਦ ਪ੍ਰਾਪਤ ਹੋਵੇ । ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ । 21 ਤੇਰੀ ਆਗਿਆਕਾਰੀ ਉੱਤੇ ਭਰੋਸਾ ਰੱਖ ਕੇ ਮੈਂ ਤੈਨੂੰ ਲਿਖਿਆ ਹੈ, ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁੱਝ ਮੈਂ ਆਖਦਾ ਹਾਂ ਤੂੰ ਉਸ ਤੋਂ ਵੱਧ ਕਰੇਂਗਾ । 22 ਅਤੇ ਕੋਈ ਠਹਿਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ, ਕਿਉਂ ਜੋ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਵਾਂ ਦੇ ਦੁਆਰਾ ਤੁਹਾਨੂੰ ਬਖਸ਼ਿਆ ਜਾਂਵਾਂਗਾ । 23 ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ, ਤੇਰੀ ਸੁੱਖ ਸਾਂਦ ਪੁੱਛਦਾ ਹੈ । 24 ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ । 25 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ । ਆਮੀਨ ।